Description
ਸ਼ੇਰ-ਏ-ਪੰਜਾਬ ਦੇ ਤੁਰ ਜਾਣ ਤੋਂ ਬਾਅਦ ਖਾਲਸਾ ਰਾਜ ਗਵਾ ਕੇ ਹਾਰੀ ਹੰਭੀ ਸਿੱਖ ਕੌਮ ਨੇ ਭਾਈ ਵੀਰ ਸਿੰਘ ਦੀ ਪ੍ਰਤਿਭਾ ਰਾਹੀਂ ਬਦਲ ਰਹੇ ਯੁੱਗ ਦੀ ਹਾਣੀ ਬਣਕੇ ਜ਼ਬਰਦਸਤ ਸਿਰਜਣਾਤਮਕ ਪ੍ਰਗਟਾਵਾ ਕੀਤਾ। ਭਾਈ ਵੀਰ ਸਿੰਘ ਨੇ ਸਾਂਝੀ ਕੌਮੀ ਚੇਤਨਾ ਦੇ ਮੁਜੱਸਮੇ ਬਣਕੇ ਇਕੋ ਵੇਲੇ ਪੱਤਰਕਾਰੀ , ਇਤਿਹਾਸਕਾਰੀ , ਕੋਸ਼ਕਾਰੀ , ਬਿਰਤਾਂਤਕਾਰੀ , ਗੁਰਬਾਣੀ ਵਿਆਖਿਆ ਅਤੇ ਸਾਹਿਤ ਸਿਰਜਣਾ ਦੇ ਖੇਤਰਾਂ ਵਿਚ ਮੁੱਲਵਾਨ ਤੇ ਯਾਦਗਾਰੀ ਕੰਮ ਕੀਤਾ । ਭਾਈ ਸਾਹਿਬ ਦੀ ਸਿਰਜਣਾਤਮਕ ਪ੍ਰਤਿਭਾ ਅਤੇ ਵੱਖ – ਵੱਖ ਪਾਸਾਰਾਂ ਦਾ ਪੁਨਰ ਸਿਮਰਨ ਕਰਨਾ ਅਕਾਦਮਿਕਤਾ ਦੀ ਲੋੜ ਵੀ ਹੈ ਅਤੇ ਨੈਤਿਕ ਫਰਜ਼ ਵੀ ਪਰ ਇਸ ਵੱਡੇ ਫੈਲਾਅ ਨੂੰ ਯੱਕ-ਮੁਸ਼ਤ ਸੂਤਰ ਬੱਧ ਕਰਨ ਲਈ ਵਿਸ਼ਵਕੋਸ਼ ਪੱਧਰ ਦਾ ਯਤਨ ਦਰਕਾਰ ਸੀ । ਇਸ ਲਈ ਇਸ ਵਿਸ਼ਵਕੋਸ਼ ਦੀ ਸਿਰਜਣਾ ਕੀਤੀ ਗਈ । ਇਸਦਾ ਉਦੇਸ਼ ਇਹ ਹੈ ਕਿ ਭਾਈ ਸਾਹਿਬ ਦੀ ਪ੍ਰਤਿਭਾ ਅਤੇ ਯੋਗਦਾਨ ਨਵੀਂ ਪੀੜੀ ਦੀ ਸਿਮਰਤੀ ਦਾ ਹਿੱਸਾ ਬਣੇ । ਇਸ ਲਈ ਇਸ ਕੋਸ਼ ਵਿਚ ਉਹਨਾਂ ਦੇ ਪੂਰਬਕਾਲ, ਜੀਵਨਕਾਲ, ਸਮਕਾਲ ਅਤੇ ਉੱਤਰਕਾਲ ਨੂੰ ਨਿੱਗਰ, ਪ੍ਰਭਾਵਸ਼ਾਲੀ ਤੇ ਸੰਚਾਰੀ ਰੂਪ ਵਿਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।
ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਪੰਜਾਬੀ ਦੇ ਕਿਸੇ ਸਾਹਿਤਕਾਰ ਬਾਰੇ ਤਿਆਰ ਹੋਣ ਵਾਲਾ ਇਹ ਪਹਿਲਾ ਵਿਸ਼ਵ ਕੋਸ਼ ਹੈ ਤੇ ਇਹ ਆਧੁਨਿਕ ਪੰਜਾਬੀ ਸਾਹਿਤ ਦੇ ਜਨਕ ਵਜੋਂ ਜਾਣੇ ਜਾਂਦੇ ਭਾਈ ਵੀਰ ਸਿੰਘ ਦੇ ਜੀਵਨ ਤੇ ਸਾਹਿਤ ਸਾਧਨਾ ‘ਤੇ ਅਧਾਰਿਤ ਹੈ। ਇਸ ਦੇ ਤਿੰਨ ਭਾਗ ਹਨ। ਪਹਿਲੇ ਭਾਗ ਵਿਚ ਜੀਵਨ ਸਮਾਚਾਰ, ਸਮਕਾਲ ਤੇ ਉਨ੍ਹਾਂ ਵੱਲੋਂ ਰਚਿਤ ਸਾਹਿਤ ਦਾ ਸਰਵੇਖਣ ਕੀਤਾ ਗਿਆ ਹੈ। ਦੂਜੇ ਤੇ ਤੀਜੇ ਭਾਗ ਵਿਚ, ਭਾਈ ਸਾਹਿਬ ਦੀਆਂ ਸਮੁੱਚੀਆਂ ਰਚਨਾਵਾਂ ਬਾਰੇ ਸੀਮਤ ਇਤਿਹਾਸ, ਅਧਿਐਨ ਤੇ ਵਿਸ਼ਲੇਸ਼ਣ ਸ਼ਾਮਲ ਹੈ। ਇਸ ਤਰ੍ਹਾਂ ਭਾਈ ਵੀਰ ਸਿੰਘ ਜੀ ਦੀ ਬਹੁਪਖੀ ਸ਼ਖਸੀਅਤ ਅਤੇ ਕਾਰਜਾਂ ਨਾਲ ਜਾਣ-ਪਛਾਣ ਤੇ ਅਧਿਐਨ ਨੂੰ ਸਮਝਣ ਲਈ ਇਹ ਮਹੱਤਵਪੂਰਨ ਸਰੋਤ ਹੈ।
Reviews
There are no reviews yet.