Description
‘ਜਾਂਬਾਜ ਰਾਖਾ’ ਸਿੱਖ ਇਤਿਹਾਸ ਦੇ ਮਹੱਤਵਪੂਰਨ ਦੌਰ ੧੯੮੪ ਦੇ ਘਟਨਾਕ੍ਰਮ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਖਸੀਅਤ ਅਤੇ ਉਨ੍ਹਾਂ ਵੱਲੋਂ ਵਿੱਢੇ ਗਏ ਸੰਘਰਸ਼ ਨੂੰ ਸਹੀ ਢੰਗ ਨਾਲ ਸਮਝਣ ਦਾ ਇਕ ਸੁਹਿਰਦ ਤੇ ਭਾਵਪੂਰਤ ਯਤਨ ਸੀ।
ਲੇਖਕ ਏ.ਆਰ. ਦਰਸ਼ੀ ਨੇ ਇਹ ਕਿਤਾਬ ਅੰਗਰੇਜ਼ੀ ਵਿਚ ਲਿਖੀ ਤੇ ਇਸ ਦਾ ਸਿਰਲੇਖ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸਖਸ਼ੀਅਤ ਦੇ ਇਕ ਅਹਿਮ ਪੱਖ ਨੂੰ ਦਰਸਾਉਂਦਿਆਂ “The Gallant Defender” ਰੱਖਿਆ। ਇਹ ਸਿਰਨਾਵਾਂ ‘ਜਾਂਬਾਜ ਰਾਖਾ” ਹੀ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੇ ਮਹਾਨ ਯੋਗਦਾਨ ਨੂੰ ਸਾਡੇ ਚੇਤਿਆਂ ਵਿਚ ਦਗਦੇ ਸੂਰਜ ਵਾਙ ਉਭਾਰ ਦਿੰਦਾ ਹੈ ਕਿ ਉਸ ਦੌਰ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹੀ ਸਨ ਜਿਹਨਾ ਨੇ ਖਾਲਸੇ ਦੀ ਰੂਹ ਨੂੰ ਪਛਾਣਿਆ ਤੇ ਉਸ ਦੇ ਹਾਣ ਦਾ ਅਮਲ ਅਖਤਿਆਰ ਕੀਤਾ।
ਇਸ ਕਿਤਾਬ ਦਾ ਹਥਲਾ ਪੰਜਾਬੀ ਉਲਥਾ ਬੀਬੀ ਸਰਤਾਜ ਕੌਰ ਨੇ ਕੀਤਾ ਹੈ । ਬੀਬੀ ਸਰਤਾਜ ਕੌਰ ਤੇ ਉਹਨਾਂ ਦੇ ਪਰਿਵਾਰ ਨੇ ਜੂਨ ੧੯੮੪ ਤੋਂ ਬਾਅਦ ਦੇ ਜੁਝਾਰੂ ਸੰਘਰਸ਼ ਨੂੰ ਨੇੜਿਓਂ ਡਿੱਠਿਆ, ਹੰਢਾਇਆ ਤੇ ਇਸ ਵਿਚ ਯੋਗਦਾਨ ਪਾਇਆ ਹੈ। ਖਾੜਕੂ ਲਹਿਰ ਤੋਂ ਬਾਅਦ ਦੇ ਦੌਰ ਦੀ ਬਿਖੜੀ ਜੱਦੋਜਹਿਦ ਨੂੰ ਵੀ ਬੀਬੀ ਸਰਤਾਜ ਕੌਰ ਨੇ ਖਾਲਸਾ ਪੰਥ ਦੇ ਅਣਥੱਕ ਸੇਵਕ ਭਾਈ ਸੁਰਿੰਦਰਪਾਲ ਸਿੰਘ ਜੀ ਠਰੂਆ ਦੀ ਜੀਵਨ ਸਾਥੀ ਦੇ ਤੌਰ ਉੱਤੇ ਨੇੜਿਓਂ ਤੱਕਿਆ ਤੇ ਹੰਢਾਇਆ ਹੈ।
ਇਸ ਤੋਂ ਪਹਿਲਾਂ ਇਸ ਕਿਤਾਬ ਦੀ ਮੂਲ ਲਿਖਤ ਦਾ ਪੰਜਾਬੀ ਵਿੱਚ ਹੋਇਆ ਉਲਥਾ ਕਈ ਸਾਲਾਂ ਤੋਂ ਪਾਠਕਾਂ ਵਿਚ ਪ੍ਰਚਲਿਤ ਹੈ ਪਰ ਉਹ ਉਲਥਾ ਕਈ ਥਾਵਾਂ ਉੱਤੇ ਮੂਲ ਅੰਗਰੇਜ਼ੀ ਲਿਖਤ ਨਾਲ ਪੂਰੀ ਤਰ੍ਹਾਂ ਮੇਲ ਨਹੀਂ ਖਾਂਦਾ। ਕਈ ਥਾਵਾਂ ਉੱਤੇ ਪੰਜਾਬੀ ਉਲਥਾ ਕਰਨ ਵੇਲੇ ਮੂਲ ਲਿਖਤ ਨੂੰ ਬਦਲ ਦਿੱਤਾ ਗਿਆ ਸੀ।
ਇਸ ਨਵੇਂ ਉਲਥੇ ਵਿੱਚ ਅਸਲ ਲਿਖਤ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਪਾਠਕਾਂ ਤੱਕ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਅਤੇ ੧੯੮੪ ਦੀਆਂ ਘਟਨਾਵਾਂ ਬਾਰੇ ਲੇਖਕ ਵੱਲੋਂ ਸਾਂਝੇ ਕੀਤੇ ਤੱਥ ਅਤੇ ਕੀਤੀ ਮੂਲ ਵਿਆਖਿਆ ਉਸੇ ਰੂਪ ਵਿਚ ਪਹੁੰਚ ਸਕੇ।
ਇਹ ਕਿਤਾਬ ਸੰਤ ਜਰਨੈਲ ਸਿੰਘ ਜੀ ਦੀ ਸੂਰਬੀਰ ਸਖਸ਼ੀਅਤ ਅਤੇ ਉਨ੍ਹਾਂ ਦੇ ਸਮੇਂ ਦੀਆਂ ਅਹਿਮ ਘਟਨਾਵਾਂ, ਜਿਵੇਂ ਕਿ ਨਕਲੀ ਨਿਰੰਕਾਰੀ ਗੁਰੂਡੰਮ ਵਿਰੁੱਧ ਸੰਘਰਸ਼, ਅਨੰਦਪੁਰ ਸਾਹਿਬ ਦੇ ਮਤੇ ਨੂੰ ਲਾਗੂ ਕਰਵਾਉਣ ਲਈ ਜੱਦੋਜਹਿਦ, ਨੂੰ ਉਜਾਗਰ ਕਰਦੀ ਹੈ ਅਤੇ ੧੯੮੪ ਦੇ ਘਟਨਾਕ੍ਰਮ ਅਤੇ ਉਸਦੇ ਪਿਛੋਕੜ ਦੀ ਸਿਲਸਿਲੇ ਵਾਰ ਵਿਆਖਿਆ ਕਰਦੀ ਹੈ।
ਲੇਖਕ ਨੇ ਮੂਲ ਕਿਤਾਬ ਵਿਚ ਜੋ ਅੰਤਿਕਾਵਾਂ ਦਰਜ਼ ਕੀਤੀਆਂ ਸਨ ਉਹਨਾ ਵਿਚ ਅਨੰਦਪੁਰ ਸਾਹਿਬ ਦਾ ਮਤਾ ਵੀ ਸ਼ਾਮਿਲ ਹੈ। ਅਨੰਦਪੁਰ ਸਾਹਿਬ ਦੇ ਮਤੇ ਦੇ ਕਈ ਰੂਪ ਪ੍ਰਚੱਲਤ ਹਨ। ਇਸ ਲਈ ਹਥਲੀ ਕਿਤਾਬ ਵਿਚ ਲੇਖਕ ਵੱਲੋਂ ਦਿੱਤੇ ਮਤੇ ਦੇ ਨਾਲ-ਨਾਲ ਅਨੰਦਪੁਰ ਸਾਹਿਬ ਦੇ ਮਤੇ ਦੇ ਦੂਜੇ ਰੂਪ ਵੀ ਵਾਧੂ ਅੰਤਿਕਾਵਾਂ ਵਜੋਂ ਸ਼ਾਮਿਲ ਕੀਤੇ ਗਏ ਹਨ ਤੇ ਸਪਸ਼ਟਤਾ ਵਾਸਤੇ ਹੇਠਾਂ ਟਿੱਪਣੀਆਂ ਵੀ ਦਰਜ਼ ਕੀਤੀਆਂ ਹਨ।
ਅਸੀਂ ਉਮੀਦ ਕਰਦੇ ਹਾਂ ਇਹ ਕਿਤਾਬ ਸਾਡੇ ਇਤਿਹਾਸ ਦੇ ਇਸ ਨਾਜ਼ੁਕ ਪੜਾਅ ਨੂੰ ਸਮਝਣ ਵਿੱਚ ਸਹਾਇਕ ਸਾਬਤ ਹੋਵੇਗੀ ਅਤੇ ਪਹਿਲੋਂ ਹੋਏ ਉਲਥੇ ਵਿੱਚ ਰਹੀਆਂ ਘਾਟਾਂ ਨੂੰ ਵੀ ਪੂਰਾ ਕਰੇਗੀ।





Reviews
There are no reviews yet.