Description
ਇਤਿਹਾਸ ਦੀ ਮੁਕੰਮਲ ਤਸਵੀਰ ਪੇਸ਼ ਕਰਨ ਲਈ ਖੋਜ ਦੀ ਅਹਿਮ ਭੂਮਿਕਾ ਹੁੰਦੀ ਹੈ। ਇਸੇ ਨੁਕਤੇ ਨੂੰ ਮੁਖ ਰੱਖਦਿਆਂ ਨਿਰੰਜਨ ਸਿੰਘ ਸਾਥੀ ਨੇ ਹਥਲੀ ਪੁਸਤਕ ਨੂੰ ਨੇਪਰੇ ਚਾੜਨ ਲਈ ਨਦੌਣ ਸਾਹਿਬ ਦੇ ਆਸ ਪਾਸ ਦੇ ਇਲਾਕੇ ਵਿਚ ਖੋਜ-ਯਾਤਰਾਵਾਂ ਕਰਦਿਆਂ ਸਮਾਂ ਬਤੀਤ ਕੀਤਾ | ਇਤਿਹਾਸ ਉਦੋਂ ਹੀ ਮੁਕੰਮਲ ਤਸਵੀਰ ਬਣਦਾ ਹੈ ਜਦੋ ਇਤਿਹਾਸਕਾਰ ਉਪਲੱਬਧ ਤੱਥਾਂ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਨਵੇਂ ਤੱਥਾਂ ਦੀ ਭਾਲ ਵਿਚ ਨਿਕਲਦਾ ਹੈ| ਅਜਿਹੇ ਤੱਥ ਜਿਹੜੇ ਸਮੇਂ ਨਾਲ ਅਲੋਪ ਹੋ ਰਹੇ ਹੁੰਦੇ ਹਨ ਜਾਂ ਜਿਹੜੇ ਸਮੇ ਅਤੇ ਸਾਧਨਾ ਦੀ ਘਾਟ ਕਰਕੇ ਪਹਿਲਾ ਉਜਾਗਰ ਹੋਣੋ ਰਹਿ ਗਏ ਹੋਣ| ਨਿਰੰਜਨ ਸਿੰਘ ਸਾਥੀ ਹੁਣਾ ਦੀ ਇਹ ਪੁਸਤਕ ਤੱਥ, ਖੋਜ ਅਤੇ ਪੜਚੋਲ ਤਿੰਨੋ ਚੀਜਾਂ ਦੇ ਸੁਮੇਲ ਦਾ ਸੁਚੱਜਾ ਪ੍ਰਗਟਾਵਾ ਹੈ| ਉਨ੍ਹਾਂ ਨੇ ਇਤਿਹਾਸਕਾਰੀ ਦੀਆਂ ਸ਼ਰਤਾਂ ਨੂੰ ਪੂਰਾ ਕਰਦਿਆਂ ਹੋਇਆ ਇਸ ਕਾਰਜ ਨੂੰ ਨੇਪਰੇ ਚੜਾਉਣ ਦਾ ਯਤਨ ਕੀਤਾ ਹੈ| ਇਸੇ ਕਰਕੇ ਇਹ ਪੁਸਤਕ ਨਦੌਣ ਦੇ ਇਤਿਹਾਸ ਦਾ ਮੁਕੰਮਲ ਇਤਿਹਾਸਕ ਸਰਵੇਖਣ ਬਣ ਜਾਂਦੀ ਹੈ|
ਨਦੌਣ ਨਾਲ ਸਿੱਖਾਂ ਦਾ ਬਹੁਤ ਗੂੜਾ ਰਿਸ਼ਤਾ ਹੈ ਕਿਉਂਕਿ ਦਸਵੇ ਪਾਤਿਸ਼ਾਹ ਨੇ ਦੂਜੀ ਜੰਗ ਇਸ ਸਥਾਨ ‘ਤੇ ਪਹਾੜੀ ਰਾਜਿਆ ਦੀ ਮਦਦ ਵਿਚ ਲੜੀ ਸੀ। ਗੁਰੂ ਜੀ ਰਾਜਾ ਭੀਮ ਚੰਦ ਦੀ ਫਰਿਆਦ ‘ਤੇ ਇਥੇ ਆਏ ਸਨ ਅਤੇ ਗੁਰੂ ਜੀ ਇਥੇ ਅੱਠ ਦਿਨ ਰਹੇ ਸਨ | ਕਿਉਂਕਿ ਅਲਫ ਖਾਂ ਪਹਾੜੀ ਰਾਜਿਆਂ ‘ਤੇ ਜਬਰ ਕਰ ਰਿਹਾ ਸੀ ਅਤੇ ਇਸ ਕਰਕੇ ਗੁਰੂ ਸਾਹਿਬ ਪਹਾੜੀ ਰਾਜਿਆਂ ਦੀ ਮਦਦ ਵਿਚ ਨਦੌਣ ਆਏ ਸਨ | ਨਦੌਣ ਦੀ ਜੰਗ ਬਾਰੇ ਇਤਿਹਾਸਕ ਵੇਰਵਿਆਂ ਦੀ ਘਾਟ ਹੋਣ ਕਰਕੇ ਇਸ ਅਸਥਾਨ ਨੂੰ ਅਣਗੌਲਿਆ ਵੀ ਗਿਆ ਹੈ। ਕੁਝ ਪੁਰਾਤਨ ਗ੍ਰੰਥਾਂ ਵਿਚ ਇਸ ਜੰਗ ਦਾ ਜਿਕਰ ਮਿਲਦਾ ਜਰੂਰ ਹੈ ਪਰ ਇਹ ਵੇਰਵੇ ਬਹੁਤ ਹੀ ਸੰਖੇਪ ਅਤੇ ਸੰਕੇਤਕ ਰੂਪ ਵਿਚ ਹੀ ਮਿਲਦੇ ਹਨ। ਨਰਿੰਜਨ ਸਿੰਘ ਸਾਥੀ ਜੀ ਦੀ ਇਹ ਪੁਸਤਕ ਨਦੌਣ ਸਾਹਿਬ ਅਤੇ ਸਿੱਖ ਇਤਿਹਾਸ ਵਿੱਚ ਇਸ ਸਥਾਨ ਦੀ ਇਤਿਹਾਸਿਕਤਾ ਬਾਰੇ ਚੰਗੀ ਤਰ੍ਹਾਂ ਨਾਲ ਜਾਣ ਪਛਾਣ ਕਰਵਾਉਦੀ ਹੈ।
ਹਥਲੀ ਪੁਸਤਕ ਦੇ ਵੇਰਵੇ ਖੋਜ ਦੀ ਬੁਨਿਆਦ ‘ਤੇ ਖੜੇ ਹਨ| ਇਤਿਹਾਸ ਦੀ ਇਸ ਖੋਜ ਦੌਰਾਨ ਲੇਖਕ ਨੂੰ ਕੁਝ ਨਵੇ ਅਸਥਾਨਾਂ ਦਾ ਵੀ ਪਤਾ ਲੱਗਿਆ। ਲੇਖਕ ਦਾ ਇਹ ਨਿਰੰਤਰ ਯਤਨ ਸੀ ਕਿ ਇਹ ਪਤਾ ਕੀਤਾ ਜਾਵੇ ਕੇ ਜਦੋਂ ਗੁਰੂ ਸਾਹਿਬ ਨਦੌਣ ਤੋਂ ਵਾਪਿਸ ਅਨੰਦਪੁਰ ਸਾਹਿਬ ਆਏ ਤਾਂ ਵਾਪਸੀ ਵੇਲੇ ਉਨ੍ਹਾਂ ਨੇ ਕਿਸ-ਕਿਸ ਅਸਥਾਨ ‘ਤੇ ਪੜਾਅ ਕੀਤੇ । ਇਸ ਖੋਜ ਦੋਰਾਨ ਲੇਖਕ ਨੂੰ ‘ਆਲਸੂਨ ਨਾਂ ਦੇ ਇਕ ਨਵੇਂ ਅਸਥਾਨ ਦਾ ਵੀ ਪਤਾ ਲੱਗਿਆ ਜਿੱਥੇ ਵਾਪਸੀ ਵੇਲੇ ਗੁਰੂ ਜੀ ਦੀ ਪਹਾੜੀ ਲੋਕਾ ਨਾਲ ਇਕ ਛੋਟੀ ਝੜਪ ਹੋਈ ਸੀ। ਕੁਝ ਇਤਿਹਾਸਕ ਸਰੋਤਾ ਵਿਚ ਇਸ ਝੜਪ ਦਾ ਜਿਕਰ ਮਿਲਦਾ ਹੈ ਪਰ ਉਹ ਸਰੋਤ ਇਸ ਗੱਲ ਤੋਂ ਪੂਰੀ ਤਰਾਂ ਅਣਜਾਣ ਹਨ ਕੇ ਇਹ ਅਸਥਾਨ ਕਿਥੇ ਹੈ| ਸੋ ਦੋ ਤਿੰਨ ਸਾਲ ਦੀ ਅਣਥੱਕ ਖੋਜ ਤੋਂ ਬਾਅਦ ਲੇਖਕ ਇਹ ਇਤਿਹਾਸਕ ਅਸਥਾਨ ਭਾਲਣ ਵਿਚ ਸਫਲ ਰਿਹਾ |
ਗੁਰੂ ਸਾਹਿਬ ਦੀ ਨਦੌਣ ਜੰਗ ਦੇ ਜਿਕਰ ਦੇ ਨਾਲ ਨਾਲ ਇਸ ਕਿਤਾਬ ਵਿਚ ਇਕ ਦਿਲਚਪਸ ਘਟਨਾਕ੍ਰਮ ਦਾ ਵੀ ਜਿਕਰ ਹੈ ਜਿਸਦਾ ਕਿ ਸਬੰਧ ਨਵੰਬਰ 1984 ਨਾਲ ਹੈ | ਨਵੰਬਰ ਚੁਰਾਸੀ ਵੇਲੇ ਜਦੋਂ ਦੇਸ਼ ਭਰ ਵਿਚ 300 ਤੋਂ ਵੱਧ ਥਾਂਵਾਂ ‘ਤੇ ਸਿੱਖਾਂ ਨੂੰ ਨਸਲਕੁਸ਼ੀ ਦੀ ਮਨਸ਼ਾ ਹੇਠ ਹਿੰਦੂ ਭੀੜਾਂ ਵਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਉਸੇ ਵੇਲੇ ਨਸਲਕੁਸ਼ੀ ਦੀ ਮਨਸ਼ਾ ਹੇਠ ਨਦੌਣ ਸਾਹਿਬ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਅਤੇ ਗੁਰਦੁਆਰਾ ਸਾਹਿਬ ਦੀ ਪਵਿੱਤਰ ਇਮਾਰਤ ਨੂੰ ਅੱਗ ਲਗਾ ਕੇ ਨੁਕਸਾਨ ਪਹੁੰਚਾਇਆ ਗਿਆ। ਸੋ ਨਵੰਬਰ ਚੁਰਾਸੀ ਵੇਲੇ ਦੇ ਘਟਨਾਕ੍ਰਮ ਦੇ ਵੇਰਵੇ ਵੀ ਲੇਖਕ ਨੇ ਇਸ ਪੁਸਤਕ ਵਿਚ ਦਰਜ ਕੀਤੇ ਹਨ। ਜੋਕਿ ਆਪਣੇ ਆਪ ਵਿਚ ਮਹੱਤਵਪੂਰਨ ਗਵਾਹੀ ਹੈ।
ਅਸੀਂ ਇਹ ਕਹਿ ਸਕਦੇ ਹਨ ਕਿ ਨਿਰੰਜਨ ਸਿੰਘ ਸਾਥੀ ਨੇ ਇਸ ਪੁਸਤਕ ਵਿਚ ਨਦੌਣ ਦੀ ਭੂੰਗੋਲਿਕਤਾ , ਗੁਰੂ ਸਾਹਿਬ ਦਾ ਨਦੌਣ ਆਉਣਾ, ਜੰਗ ਦੇ ਪਿੱਛਲੇ ਕਾਰਨ, ਆਲਸੂਨ ਦੀਆ ਖੋਜ ਯਾਤਰਾਵਾਂ ਆਦਿ ਦੀ ਵਾਰਤਾ ਨੂੰ ਬਹੁਤ ਹੀ ਸਰਲ ਅਤੇ ਸਪਸ਼ਟ ਢੰਗ ਨਾਲ ਦਰਜ ਕੀਤਾ ਹੈ| ਸੋ ਬਿਬੇਕਗੜ੍ਹ ਪ੍ਰਕਾਸ਼ਨ ਵਲੋਂ ਇਸ ਕੀਮਤੀ ਪੁਸਤਕ ਨੂੰ ਮੁੜ ਛਾਪ ਕੇ ਇਸ ਪੁਸਤਕ ਦੇ ਉਪਲਬਧ ਨਾ ਹੋਣ ਦੀ ਘਾਟ ਨੂੰ ਪੂਰਾ ਕਰਨ ਲਈ ਇਕ ਨਿਮਾਣਾ ਜਿਹਾ ਯਤਨ ਕੀਤਾ ਗਿਆ ਹੈ |
ਨਾਂ: ਨਦੌਣ ਦੀ ਜੰਗ
ਲੇਖਕ: ਨਿਰੰਜਨ ਸਿੰਘ ਸਾਥੀ
ਕੀਮਤ: 350( ਵਿਦੇਸ਼ ਲਈ £€$-5)
ਭਾਰ: 250 ਗ੍ਰਾਮ
ਜਿਲਦ: ਪੱਕੀ





Reviews
There are no reviews yet.