Description
ਪ੍ਰੋ. ਹਰਿੰਦਰ ਸਿੰਘ ਮਹਿਬੂਬ ਅਜਿਹੇ ਸਿੱਖ ਕਵੀ ਅਤੇ ਦਾਨਿਸ਼ਵਰ ਹਨ ਜਿਨ੍ਹਾਂ ਨੇ ਤਰਕ ਭਰਪੂਰ ਆਧੁਨਿਕਤਾ ਦੇ ਇਸ ਦੌਰ ਵਿੱਚ ਗੁਰੂ ਸਾਹਿਬ ਦੀ ਰੂਹਾਨੀ ਅਜ਼ਮਤ ਦੇ ਦੀਦਾਰ ਦਾ ਮੁੜ ਅਹਿਸਾਸ ਕਰਵਾਇਆ ਹੈ। ਇਸ ਅਹਿਸਾਸ ਦੇ ਨਾਲ ਹੀ ਉਨ੍ਹਾਂ ਦੇ ਸਮੁੱਚੇ ਕਾਰਜ ਵਿੱਚ ਇਹ ਦਰਦ ਵੀ ਪਿਆ ਹੈ ਕਿ ਕਿਵੇਂ ਸਮੇਂ ਦੇ ਵਹਿਣ ਨਾਲ ਵਹਿਕੇ, ਸਿੱਖ, ਕਲਗੀਆਂ ਵਾਲੇ ਦੇ ਉਪਦੇਸ਼ ਤੋਂ ਬੇਮੁੱਖ ਹੋ ਰਹੇ ਹਨ, ਜਿਸ ਦੇ ਕਾਰਨ ਸਿੱਖਾਂ ਨੂੰ ਮੌਜੂਦਾ ਸਮੇਂ ਵਿੱਚ ਲਗਾਤਾਰ ਖੁਆਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੱਲ ਵਜੋਂ ਪ੍ਰੋ. ਹਰਿੰਦਰ ਸਿੰਘ ਮਹਿਬੂਬ ਆਖਦੇ ਹਨ ਕਿ ਜੇਕਰ ਸਿੱਖ ਗੁਰੂ ਦਾ ਲੜ ਫੜ੍ਹਕੇ, ਗੁਰੂ ਦੇ ਦੱਸੇ ਮਾਰਗ ਉੱਤੇ ਚੱਲਣ ਦਾ ਦ੍ਰਿੜ ਬਚਨ ਕਰਦੇ ਹਨ ਤਾਂ ਉਨ੍ਹਾਂ ਅੰਦਰ ਗੁਰੂ ਬਖਸ਼ਿਸ਼ ਮੁੜ ਬਹਾਲ ਹੋਵੇਗੀ। ‘ਪੰਥ ਦਾ ਵਾਲੀ’ ਕਿਤਾਬ ਆਧੁਨਿਕਤਾ ਦੇ ਇਨ੍ਹਾਂ ਤਾਰਕਿਕ ਅਤੇ ਸ਼ੰਕਾਵਾਦੀ ਪ੍ਰਵਚਨਾ ਵਿੱਚ ਗੁਰ-ਇਤਿਹਾਸ ਦੀ ਸਾਰਥਿਕਤਾ ਸਿੱਧ ਕਰਦੀ ਹੈ ।
ਇਹ ਕਿਤਾਬ ਪ੍ਰੋ. ਹਰਿੰਦਰ ਸਿੰਘ ਮਹਿਬੂਬ ਦੀ ਸ਼ਾਹਕਾਰ ਰਚਨਾ ‘ਸਹਿਜੇ ਰਚਿਓ ਖ਼ਾਲਸਾ’ ਦੀ ਵੱਡ-ਆਕਾਰੀ ਪੁਸਤਕ ਵਿੱਚੋਂ ਚੌਥੀ ਕਿਤਾਬ ਹੈ । “ਪੰਥ ਦਾ ਵਾਲੀ” ਕਿਤਾਬ ਆਪਣੇ ਅੰਦਾਜ਼ ਅਤੇ ਦਾਰਸ਼ਨਿਕ ਗਹਿਰਾਈ ਕਰਕੇ ਨਿਵੇਕਲੀ ਅਤੇ ਦੁਰਲਭ ਰਚਨਾ ਹੈ। ਇਹ ਰਚਨਾ ਕਲਗੀਧਰ ਦੀ ਰੂਹਾਨੀ ਅਜ਼ਮਤ ਨੂੰ ਕੇਂਦਰ ਵਿੱਚ ਰੱਖ ਕੇ ਗੁਰੂ ਜੀ ਦੀਆਂ ਜੀਵਨ ਘਟਨਾਵਾਂ ਨੂੰ ਰੂਪਮਾਨ ਕਰਦੀ ਹੈ ਅਤੇ ਇਹ ਗੱਲ ਇਸ ਕਾਰਜ ਨੂੰ ਰੂਹਾਨੀ-ਇਤਿਹਾਸ ਦੀ ਪੁਸਤਕ ਬਣਾ ਦਿੰਦੀ ਹੈ। ਪ੍ਰੋ ਹਰਿੰਦਰ ਸਿੰਘ ਮਹਿਬੂਬ ਅਨੁਭਵ ਦੀ ਵਿਸ਼ਾਲਤਾ ਨਾਲ ਕਲਗੀਆਂ ਵਾਲੇ ਦੇ ਬਹੁ ਪਸਾਰੀ ਅਮਲ ਦੀਆਂ ਮਹੀਨ ਰਮਜ਼ਾਂ ਨੂੰ ਜਾਨਣ ਅਤੇ ਸਮਝਣ ਦਾ ਯਤਨ ਵੀ ਕਰਦੇ ਹਨ ਅਤੇ ਇਹ ਵੀ ਸਥਾਪਿਤ ਕਰਦੇ ਹਨ ਕਿ ਸਮੇਂ ਅਤੇ ਸਥਾਨ ਦੇ ਪ੍ਰਭਾਵ ਗੁਰੂ-ਅਮਲ ਨੂੰ ਪੈਦਾ ਨਹੀਂ ਕਰਦੇ ਸਗੋਂ ਗੁਰੂ-ਅਮਲ ਅਕਾਲ ਪੁਰਖ ਦੇ ਹੁਕਮ ਵਿੱਚੋਂ ਪੈਦਾ ਹੁੰਦਾ ਹੈ।
ਇਸ ਕਾਰਜ ਦੀ ਇਹ ਮੌਲਿਕਤਾ ਹੈ ਕਿ ਇਹ ਤਾਰੀਖੀ ਇਤਿਹਾਸ ਦੀ ਬਜਾਏ ਗੁਰੂ ਜੋਤਿ ਦੇ ਵਿਗਾਸ ਨੂੰ ਅਮਲ ਰਾਹੀਂ ਪ੍ਰਕਾਸ਼ਮਾਨ ਹੁੰਦਾ ਵੇਖਦਾ ਹੈ। ਜਿਸਦੀ ਪੁਲਾਂਘ ਗੁਰੂ ਜੀ ਦੀਆਂ ਜੀਵਨ ਘਟਨਾਵਾਂ ਤੋਂ ਲੈ ਕੇ ਬ੍ਰਹਿਮੰਡੀ ਹੁਕਮ ਤੱਕ ਫੈਲੀ ਹੋਈ ਹੈ। ਇਸ ਕਿਤਾਬ ਨੂੰ ‘ਬਿਬੇਕਗੜ੍ਹ ਪ੍ਰਕਾਸ਼ਨ’ ਵਲੋਂ ਛਾਪਣ ਹਿਤ ਸੰਪਾਦਿਤ ਕਰਨ ਲਈ ਪ੍ਰੋ. ਹਰਿੰਦਰ ਸਿੰਘ ਮਹਿਬੂਬ ਦੀ ਸਪੁੱਤਰੀ ‘ਡਾ. ਸਤਵੰਤ ਕੌਰ, ਪ੍ਰੋਫੈਸਰ, ਖਾਲਸਾ ਕਾਲਜ ਗੜ੍ਹਦੀਵਾਲਾ’ ਦਾ ਅਸੀਂ ਵਿਸ਼ੇਸ਼ ਧੰਨਵਾਦ ਕਰਦੇ ਹਾਂ।
ਜਿਲਦ : ਕੱਚੀ
Reviews
There are no reviews yet.